ਅੰਬੇਦਕਰ ਦੇ ਜਨਮ ਦਿਨ ‘ਤੇ ਕੈਪਟਨ ਨੇ ਦਲਿਤਾਂ ਵਾਸਤੇ ਖੋਲ੍ਹਿਆ ਦਿਲ ਤੇ ਖਜ਼ਾਨਾ

ਜਲੰਧਰ: ਡਾ. ਬੀ.ਆਰ. ਅੰਬੇਡਕਰ ਦੇ ਜਨਮ ਦਿਹਾੜੇ ‘ਤੇ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਕਰਜ਼ਾ ਮੁਆਫ ਕਰਨ ਦੀ ਸਕੀਮ ਸ਼ੁਰੂ ਕੀਤੀ। ਕੈਬਨਿਟ ਦੇ ਦਲਿਤ ਮੰਤਰੀਆਂ ਨਾਲ ਪਹੁੰਚੇ ਕੈਪਟਨ ਨੇ ਦਲਿਤਾਂ ਵਾਸਤੇ ਦਿਲ ਅਤੇ ਖਜ਼ਾਨਾ ਦੋਵੇਂ ਖੋਲ ਦਿੱਤੇ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਹੋਰ ਗ਼ਰੀਬ ਲੋਕਾਂ ਦਾ ਵੀ ਕਰਜ਼ਾ ਸਰਕਾਰ ਮੁਆਫ਼ ਕਰ ਰਹੀ ਹੈ। ਇਸੇ ਦੀ ਸ਼ੁਰੂਆਤ ਅੱਜ ਜਲੰਧਰ ਤੋਂ ਕੀਤੀ ਗਈ ਹੈ। ਇਸ ਤਹਿਤ ਅਨੁਸੂਚਿਤ ਜਾਤੀ ਤੇ ਜਨਜਾਤੀ ਦੇ ਲੋਕਾਂ ਦਾ 50 ਹਜ਼ਾਰ ਤੱਕ ਦਾ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ‘ਤੇ ਦਿਲਤ ਵਿਰੋਧੀ ਹੋਣ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਐਸ.ਸੀ. ਐਕਟ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹਾਲੇ ਵੀ ਇਸ ਦੇਸ਼ ਵਿੱਚ ਲੋਕ ਨੇ ਜਿਨ੍ਹਾਂ ਨੂੰ 2 ਵਕਤ ਦੀ ਰੋਟੀ ਨਹੀਂ ਮਿਲਦੀ। ਉਨਾਂ ਦਾ ਇੱਕ ਹੋਰ ਹੱਕ ਖੋਹਿਆ ਜਾ ਰਿਹਾ ਹੈ।

ਕੈਪਟਨ ਨੇ ਦਲਿਤ ਸਮਾਜ ਦੇ ਲੋਕਾਂ ਵਾਸਤੇ ਹੋਰ ਕਈ ਆਰਥਿਕ ਮਦਦ ਦਾ ਐਲਾਨ ਵੀ ਕੀਤਾ। ਕੈਪਟਨ ਨੇ ਕਿਹਾ ਕਿ ਸੰਵਿਧਾਨ ਦੀ 25ਵੀਂ ਸੋਧ ਨੂੰ ਅਸੀਂ ਲਾਗੂ ਕਰਾਂਗੇ। ਕੈਪਟਨ ਨੇ ਖੁਰਾਲਗੜ ਦੇ ਰਵੀਦਾਸ ਮੈਮੋਰੀਅਲ ਵਾਸਤੇ 20 ਕਰੋੜ ਰੁਪਏ ਦੇਣ ਦਾ ਐਲਾਨ ਕੀਤਾ। ਜਲੰਧਰ ਦੀ ਬੂਟਾ ਮੰਡੀ ਵਿੱਚ ਡਾ. ਅੰਬੇਡਕਰ ਦੇ ਨਾਂ ‘ਤੇ ਕਾਲਜ ਖੋਲ੍ਹਣ ਦੀ ਗੱਲ ਵੀ ਆਖੀ। ਕੈਪਟਨ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਡਾ. ਅੰਬੇਡਕਰ ਚੇਅਰ ਵਾਸਤੇ ਫੰਡ ਦੇਣਾ ਬੰਦ ਕਰ ਦਿੱਤਾ ਸੀ ਅਸੀਂ ਉਸ ਵਾਸਤੇ ਮੁੜ ਫੰਡ ਸ਼ੁਰੂ ਕਰਾਂਗੇ ਤਾਂ ਜੋ ਨੌਜਵਾਨ ਪੀੜੀ ਉੱਥੇ ਰਿਸਰਚ ਕਰ ਸਕੇ।

ਸੂਬਾ ਪੱਧਰੀ ਸਮਾਗਮ ਵਿੱਚ ਕੈਪਟਨ ਦੇ ਨਾਲ ਮੰਤਰੀ ਸਾਧੂ ਸਿੰਘ ਧਰਮਸੋਤ, ਮੰਤਰੀ ਚਰਨਜੀਤ ਚੰਨੀ, ਸਿੱਖਿਆ ਮੰਤਰੀ ਅਰੁਣਾ ਚੌਧਰੀ, ਐਮ.ਪੀ. ਸੰਤੋਖ ਚੌਧਰੀ, ਐਮ.ਪੀ. ਸੁਨੀਲ ਜਾਖੜ ਤੋਂ ਇਲਾਵਾ ਜਲੰਧਰ ਤੇ ਹੁਸ਼ਿਆਰਪੁਰ ਦੇ ਕਈ ਵਿਧਾਇਕ ਸ਼ਾਮਿਲ ਸਨ। ਜ਼ਿਆਦਾਤਰ ਮੰਤਰੀ ਡਾ. ਅੰਬੇਡਕਰ ਬਾਰੇ ਗੱਲ ਕਰਨ ਦੀ ਥਾਂ ਪਿਛਲੀ ਸਰਕਾਰ ਦੇ ਦਲਿਤ ਵਿਰੋਧੀ ਹੋਣ ਦੀ ਗੱਲ ਆਖ ਕੇ ਉਨ੍ਹਾਂ ‘ਤੇ ਹੀ ਅਟੈਕ ਕਰਦੇ ਰਹੇ।

ਕੈਬਨਿਟ ਮੰਤਰੀ ਚਰਨਜੀਤ ਚੰਨੀ, ਐਮਪੀ ਚੌਧਰੀ ਸੰਤੋਖ ਅਤੇ ਐਮਪੀ ਸੁਨੀਲ ਜਾਖੜ ਡਾ. ਅੰਬੇਡਕਰ ਦੇ ਬਹਾਨੇ ਪਿਛਲੀ ਸਰਕਾਰ ‘ਤੇ ਹੀ ਹਮਲੇ ਕਰਦੇ ਨਜ਼ਰ ਆਏ।

Leave a Reply

Your email address will not be published. Required fields are marked *